Contact Us
  0°C
mode_comment Editor calendar_month 15.01.19  watch_later 06.38 PM  timeline 139876  numbers 712
ਏਡਸ ਦੇ ਸ਼ਰੂਆਤੀ ਲੱਛਣ ਜੋ ਤੁਹਾਨੂੰ ਜਰੂਰ ਪਤਾ ਹੋਣੇ ਚਾਹੀਦੇ ਹਨ

ਅਸੀਂ ਕੱਲ੍ਹ ਤੱਕ ਏਡਸ ਬਾਰੇ ਦੱਸਵੀਂ ਦੀ ਸਾਇੰਸ ਦੀ ਕਿਤਾਬ ਵਿੱਚ ਪੜ੍ਹਦੇ ਹੁੰਦੇ ਸੀ, ਪਰ ਅੱਜ ਇਹ ਮਨੁੱਖਤਾ ਦੇ ਅੰਦਰ ਇੰਨੀ ਤੇਜ਼ੀ ਨਾਲ ਪ੍ਰਵੇਸ਼ ਕਰ ਚੁੱਕੀ ਹੈ, ਜਿਸ ’ਤੇ ਕਾਬੂ ਪਾਉਣਾ ਇੱਕ ਜਾਂ ਦੋ ਦਾ ਕੰਮ ਨਹੀਂ ਬਲਕਿ ਸਾਰੀ ਮਨੁੱਖਤਾ ਲਈ ਚੁਣੌਤੀ ਬਣ ਗਿਆ ਹੈ. ਹੁਣ ਸਵਾਲ ਇਹ ਉੱਠਦਾ ਹੈ ਕਿ ਐਚ.ਆਈ.ਵੀ. ਏਡਜ਼ ਹੈ ਕੀ?

ਐਚ.ਆਈ.ਵੀ. ਯਾਨੀ ਹਿਊਮਨ ਇਮਿਊਨ ਡੈਫ਼ੀਸ਼ੈਂਸੀ ਵਾਇਰਸ. ਇਹ ਵਾਇਰਸ ਸਾਡੇ ਸਰੀਰ ਦੇ ਅੰਦਰ ਜਾਣ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੀ ਸ਼ਕਤੀ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦਾ ਹੈ ਜਿਸ ਨਾਲ ਸਾਡਾ ਸਰੀਰ ਕਮਜ਼ੋਰ ਹੋ ਕੇ ਟੀ.ਬੀ., ਹਰਪਿਸ ਵਰਗੀਆਂ ਬਿਮਾਰੀਆਂ ਸਾਡੇ ’ਤੇ ਹਾਵੀ ਹੋ ਜਾਂਦੀਆਂ ਹਨ. ਇਸ ਵਾਇਰਸ ਦਾ ਸਾਡੇ ਸਰੀਰ ਅੰਦਰ ਜਾਣ ਦੇ ਚਾਰ ਮੁੱਖ ਰਸਤੇ ਹਨ. 1. ਐਚ.ਆਈ.ਵੀ. ਪ੍ਰਭਾਵਤ ਵਿਅਕਤੀ ਨਾਲ ਯੋਨ ਸਬੰਧ ਰੱਖਣ ਨਾਲ 2. ਐਚ.ਆਈ.ਵੀ. ਪ੍ਰਭਾਵਤ ਸੂਈ ਦੇ ਪ੍ਰਯੋਗ ਨਾਲ 3. ਐਚ.ਆਈ.ਵੀ. ਪ੍ਰਭਾਵਤ ਖੂਨ ਚੜ੍ਹਾਉਣ ਨਾਲ 4. ਗਰਭ ਅਵਸਥਾ ਵਿੱਚ ਬੱਚੇ ਦੇ ਜਨਮ ਦੌਰਾਨ ਅਤੇ ਦੁੱਧ ਪਿਆਉਣ ਦੇ ਸਮੇਂ ਐਚ.ਆਈ.ਵੀ. ਪ੍ਰਭਾਵਤ ਮਾਂ ਤੋਂ ਬੱਚੇ ਨੂੰ. ਐਚ.ਆਈ.ਵੀ. ਪੀੜਤ ਵਿਅਕਤੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਦਿਖਾਈ ਦਿੰਦਾ ਹੈ ਅਤੇ ਉਸ ਵਿੱਚ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਲੱਛਣ ਦਿਖਾਈ ਨਹੀਂ ਦਿੰਦੇ. ਲੱਛਣ ਦੇ ਨਾ ਦਿਖਣ ਦਾ ਸਮਾਂ ਤਿੰਨ ਮਹੀਨਿਆਂ ਤੋਂ ਲੈ ਕੇ 15 ਸਾਲ ਤਕ ਵੀ ਹੋ ਸਕਦਾ ਹੈ. ਇਹ ਰੋਗੀ ਦਾ ਬਿਮਾਰੀਆਂ ਨਾਲ ਲੜਨ ਵਾਲੀ ਤਾਕਤ ’ਤੇ ਨਿਰਭਰ ਕਰਦਾ ਹੈ. ਲੇਕਿਨ ਇਸ ਸਮੇਂ ਦੌਰਾਨ ਖੂਨ ਦੀ ਜਾਂਚ ਕਰਵਾ ਕੇ ਐਚ.ਆਈ.ਵੀ. ਵਾਇਰਸ ਦੇ ਸਰੀਰ ਵਿੱਚ ਹੋਣ ਦਾ ਪਤਾ ਲਗਾਇਆ ਜਾ ਸਕਦਾ ਹੈ. ਜੇਕਰ ਟੈਸਟ ਨਾ ਕਰਵਾਇਆ ਜਾਵੇ ਤਾਂ ਇਸੇ ਸਮੇਂ ਦੌਰਾਨ ਇਹ ਵਾਇਰਸ ਸਾਡੇ ਸਰੀਰ ਦੀ ਤਾਕਤ, ਜੋ ਬਿਮਾਰੀਆਂ ਨਾਲ ਲੜਦੀ ਹੈ, ਨੂੰ ਕਮਜ਼ੋਰ ਕਰਕੇ ਖ਼ਤਮ ਕਰ ਦਿੰਦਾ ਹੈ. ਫਿਰ ਟੀ.ਬੀ., ਹਰਪਿਸ, ਕੈਡੀਡਾਇਸਿਸ ਵਰਗੀਆਂ ਬਿਮਾਰੀਆਂ ਮਨੁੱਖ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ. ਫਿਰ ਅਸੀਂ ਐਚ.ਆਈ.ਵੀ. ਵਾਲੇ ਨੂੰ ਏਡਜ਼ ਦਾ ਮਰੀਜ਼ ਦੱਸਦੇ ਹਾਂ. ਏਡਜ਼ ਐਕੁਆਇਰਡ ਇਮਿਊਨੋ ਡੈਫ਼ੀਸ਼ਿਐਂਸੀ ਸਿੰਡਰੋਮ, ਜਿਸ ਦਾ ਅਰਥ ਹੈ ਕਿ ਕਿਸੇ ਵੀ ਚਾਰ ਕਾਰਨਾਂ ਰਾਹੀਂ ਵਾਇਰਸ ਲੈ ਕੇ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਫਿਰ ਅਨੇਕਾਂ ਬਿਮਾਰੀਆਂ ਦਾ ਲੱਗਣਾ ਹੀ ਏਡਜ਼ ਹੈ.

ਇਸ ਦੌਰਾਨ ਹੇਠ ਦੱਸੇ ਲੱਛਣ ਦਿਖਾਈ ਦਿੰਦੇ ਹਨ: 1. ਇਕ ਮਹੀਨੇ ਅੰਦਰ ਸਰੀਰ ਦਾ ਦਸ ਕਿਲੋ ਤਕ ਭਾਰ ਘੱਟ ਜਾਣਾ. 2. ਇਕ ਮਹੀਨੇ ਤੋਂ ਵੱਧ ਬੁਖਾਰ ਰਹਿਣਾ 3. ਇਕ ਮਹੀਨੇ ਤੋਂ ਵੱਧ ਖਾਂਸੀ ਤੇ ਦਸਤ ਲੱਗਣੇ. 4. ਚਮੜੀ ’ਤੇ ਖੁਜਲੀ ਹੋਣਾ. 5. ਮੂੰਹ ਅਤੇ ਗਲੇ ਵਿੱਚ ਛਾਲੇ ਹੋਣਾ. ਹੁਣ ਐਚ.ਆਈ.ਵੀ. ਟੈਸਟ ਕਿੱਥੇ ਹੁੰਦਾ ਹੈ ਅਤੇ ਇਸ ਦੀ ਜਾਂਚ ਹੋਣ ਤੋਂ ਬਾਅਦ ਇਲਾਜ ਕਿਵੇਂ ਕਰਵਾਉਣਾ ਹੈ? ਐਚ.ਆਈ.ਵੀ. ਟੈਸਟ ਪੀ.ਐਸ.ਏ.ਸੀ.ਐਸ. ਵੱਲੋਂ ਪੂਰੇ ਪੰਜਾਬ ਵਿੱਚ ਯਾਨੀ ਸਰਕਾਰੀ ਹਸਪਤਾਲਾਂ ਵਿਖੇ ਬਣਾਏ ਗਏ ਟੈਸਟ ਸੈਂਟਰਾਂ ਵਿੱਚ ਹੁੰਦਾ ਹੈ, ਜਿੱਥੇ ਐਚ.ਆਈ.ਵੀ. ਦੀ ਜਾਂਚ ਮੁਫਤ ਕੀਤੀ ਜਾਂਦੀ ਹੈ. ਇਨ੍ਹਾਂ ਸੈਂਟਰਾਂ ਵਿੱਚ ਇੱਕ ਕੌਂਸਲਰ ਅਤੇ ਲੈਬ ਟੈਕਨੀਸ਼ੀਅਨ ਹੁੰਦਾ ਹੈ. ਟੈਸਟ ਕਰਵਾਉਣ ਵਾਲੇ ਵਿਅਕਤੀ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ. ਹੁਣ ਸਵਾਲ ਹੈ ਕਿ ਅਗਰ ਖੂਨ ਦੀ ਜਾਂਚ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਵਾਇਰਸ ਹੈ, ਫਿਰ ਕਿਵੇਂ ਇਲਾਜ ਸ਼ੁਰੂ ਹੁੰਦਾ ਹੈ.. ਵੈਸੇ ਤਾਂ ਐਚ.ਆਈ.ਵੀ. ਦਾ ਕੋਈ ਇਲਾਜ ਨਹੀਂ ਹੈ. ਇਹ ਸਾਰੀ ਜ਼ਿੰਦਗੀ ਮਨੁੱਖ ਦੇ ਸਰੀਰ ਨਾਲ ਰਹਿੰਦਾ ਹੈ, ਪਰ ਐਚ.ਆਈ.ਵੀ. ਵਾਇਰਸ ਹੋਣ ਦਾ ਸਾਡੇ ਸਰੀਰ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਇਸ ਨਾਲ ਮਨੁੱਖ ਸਿਹਤਮੰਦ ਦਿਖਾਈ ਦਿੰਦਾ ਹੈ, ਸਿਰਫ ਖੂਨ ਦੀ ਜਾਂਚ ਹੀ ਦੱਸਦੀ ਹੈ. ਇਸ ਲਈ ਐਚ.ਆਈ.ਵੀ. ਤੋਂ ਏਡਜ਼ ਤਕ ਜਾਣ ਤੋਂ ਰੋਕਣ ਲਈ, ਜਿਸ ਦਾ ਸਮਾਂ ਤਿੰਨ ਮਹੀਨਿਆਂ ਤੋਂ 15 ਸਾਲ ਤਕ ਹੈ, ਨੂੰ ਅਸੀਂ ਏਡਜ਼ ਤਕ ਪਹੁੰਚਣ ਤੋਂ ਬਚਾ ਸਕਦੇ ਹਾਂ. ਜਦ ਵਿਅਕਤੀ ਵਿੱਚ ਐਚ.ਆਈ.ਵੀ. ਵਾਇਰਸ ਦਾ ਪਤਾ ਲੱਗ ਜਾਂਦਾ ਹੈ ਤਾਂ ਉਸ ਨੂੰ ਉੱਥੇ ਸੈਂਟਰ ਦੇ ਨਜ਼ਦੀਕ ਪੈਂਦੇ ਏ.ਆਰ.ਟੀ. ਸੈਂਟਰ ਭੇਜਿਆ ਜਾਂਦਾ ਹੈ, ਜਿੱਥੇ ਉਸ ਵਿਅਕਤੀ ਦਾ ਸਾਰਾ ਇਲਾਜ ਮੁਫਤ ਹੁੰਦਾ ਹੈ. ਏ.ਆਰ.ਟੀ. ਵਿਖੇ ਫਿਰ ਉਸ ਵਿਅਕਤੀ ਦੇ ਖੂਨ ਦੀ ਜਾਂਚ ਕਰਕੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿੰਨੀ ਮਾਤਰਾ ਤਕ ਵਾਇਰਸ ਨੇ ਪ੍ਰਭਾਵਤ ਕੀਤਾ ਹੈ ਅਤੇ ਲੋੜ ਮੁਤਾਬਕ ਦਵਾਈ ਸ਼ੁਰੂ ਕੀਤੀ ਜਾਂਦੀ ਹੈ. ਉਸ ਵਿਅਕਤੀ ਨੂੰ ਸਾਰੀ ਜ਼ਿੰਦਗੀ ਆਪਣਾ ਚੈੱਕਅੱਪ ਕਰਵਾਉਂਦੇ ਰਹਿਣਾ ਪੈਂਦਾ ਹੈ. ਮਾਨਸਾ ਜ਼ਿਲ੍ਹੇ ਵਿੱਚ ਵੀ ਇਹ ਟੈਸਟ ਸਿਵਲ ਹਸਪਤਾਲ ਮਾਨਸਾ, ਸਰਦੂਲਗੜ੍ਹ, ਬੋਹਾ, ਬੁਢਲਾਡਾ, ਝੁਨੀਰ, ਖਿਆਲਾ ਕਲਾਂ ਅਤੇ ਭੀਖੀ ਵਿਖੇ ਮੁਫਤ ਕੀਤਾ ਜਾਂਦਾ ਹੈ.

ਸਾਡੇ ਫਰਜ਼ ਕੀ ਹਨ: 1. ਸਮਝਦਾਰੀ ਦੇ ਨਾਲ-ਨਾਲ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਇਹ ਦੱਸੀਏ ਕਿ ਤੁਸੀਂ ਇਸ ਤੋਂ ਕਿਵੇਂ ਬਚਣਾ ਹੈ ਕਿਉਂਕਿ ਹੋ ਸਕਦਾ ਹੈ ਕਿ ਆਪਣਾ ਦੱਸਿਆ ਕਿਸੇ ਦੀ ਜ਼ਿੰਦਗੀ ਵਿਚ ਰੋਸ਼ਨੀ ਕਰ ਦੇਵੇ. ਇੱਕ ਕੌਂਸਲਰ ਹੋਣ ਦੇ ਨਾਤੇ ਮੇਰੇ ਮਨ ਵਿੱਚ ਸਵਾਲ ਤੇ ਫਰਜ਼ ਹਨ. ਇਕ ਨੌਜਵਾਨ ਵਰਗ ਲਈ ਤੇ ਇੱਕ ਨਿੱਕੇ ਬੱਚਿਆਂ ਲਈ. ਇੱਕ ਨੌਜਵਾਨ ਜਿਸ ਦੀ ਉਮਰ ਲਗਪਗ 19-25 ਸਾਲ ਦੇ ਵਿਚਕਾਰ ਹੁੰਦੀ ਹੈ, ਜਿਸ ਉਮਰ ਵਿੱਚ ਉਸ ਨੇ ਆਪਣਾ ਅਤੇ ਮਾਂ-ਬਾਪ ਦਾ ਨਾਂ ਚਮਕਾਉਣਾ ਹੁੰਦਾ ਹੈ, ਨਵੀਂ ਸੋਚ, ਨਵੀਂ ਕਾਢ ਨਾਲ ਆਪਣੀ ਦੁਨੀਆਂ ਵਿੱਚ ਇੱਕ ਅਲੱਗ ਪਛਾਣ ਬਣਾਉਂਦਾ ਹੈ ਪਰ ਕੁਝ ਕੁ ਨੌਜਵਾਨ ਇਸੇ ਉਮਰ ਵਿੱਚ ਗਲਤ ਰਸਤੇ ’ਤੇ ਚੱਲ ਪੈਂਦੇ ਹਨ ਜਿਵੇਂ ਨਸ਼ਿਆਂ ਨੂੰ ਅਪਣਾ ਲੈਣਾ, ਆਪਣੇ ਉੱਤੇ ਸੰਜਮ ਨਾ ਰੱਖਣਾ ਜਾਂ ਫਿਰ ਨਾ-ਸਮਝੀ ਦੇ ਚਲਦੇ ਟੈਟੂ ਖੁਦਵਾਉਣਾ, ਸ਼ੇਵ ਕਰਨ ਲੱਗਿਆਂ ਇੱਕ ਦੂਜੇ ਦੇ ਬਲੇਡ ਵਰਤਣਾ ਆਦਿ ਇਨ੍ਹਾਂ ਕਾਰਨਾਂ ਕਰਕੇ ਐਚ.ਆਈ.ਵੀ. ਵਾਇਰਸ ਦਾ ਲਾਗ ਲੈ ਲੈਂਦੇ ਹਨ. ਹੁਣ ਇਹ ਸਵਾਲ ਹੈ ਕਿ ਇਹ ਨੌਜਵਾਨ ਅੱਗੇ ਕਿੰਨਿਆਂ ਲੋਕਾਂ ਤਕ ਆਪਣੇ ਅੰਦਰ ਦੇ ਵਾਇਰਸ ਨੂੰ ਫੈਲਾਵੇਗਾ. ਇਸ ਉਮਰ ਵਿੱਚ ਬਹੁਤੇ ਨੌਜਵਾਨ ਅਣਵਿਆਹੇ ਹੁੰਦੇ ਹਨ. ਅਗਰ ਉਹ ਆਪਣੇ ਘਰ ਯਾਨੀ ਆਪਣੇ ਪਰਿਵਾਰ ਵਿੱਚ ਮਾਂ-ਬਾਪ ਨੂੰ ਨਹੀਂ ਦੱਸਦੇ ਤਾਂ ਕੀ ਹੋਵੇਗਾ? ਜੇ ਮਾਂ ਬਾਪ ਨੂੰ ਦੱਸ ਵੀ ਦਿੱਤਾ, ਫਿਰ ਉਸ ਦੇ ਮਾਂ-ਬਾਪ ਉਸ ਦਾ ਵਿਆਹ ਨਹੀਂ ਕਰਨਗੇ ਤੇ ਸਮਾਜ ਨੂੰ ਕੀ ਬਹਾਨਾ ਲਗਾਉਣਗੇ. ਜੇਕਰ ਬਿਨਾਂ ਦੱਸੇ ਵਿਆਹ ਕਰ ਵੀ ਦਿੱਤਾ ਫਿਰ ਕੀ ਹੋਵੇਗਾ? ਇਹ ਸਾਰੇ ਸਵਾਲ ਹਨ. ਹੁਣ ਸਾਡਾ ਫਰਜ਼ ਇਹ ਬਣਦਾ ਹੈ ਕਿ ਜੇਕਰ ਕਿਸੇ ਵੀ ਨੌਜਵਾਨ ਨੂੰ ਇਸ ਵਾਇਰਸ ਦਾ ਆਪਣੇ ਸਰੀਰ ਅੰਦਰ ਹੋਣ ਦਾ ਪਤਾ ਲੱਗਦਾ ਹੈ ਤਾਂ ਅਸੀਂ ਪਹਿਲਾਂ ਆਪਣੇ ਮਾਂ-ਬਾਪ ਨੂੰ ਦੱਸੀਏ ਨਾ ਕਿ ਬਿਨਾਂ ਦੱਸੇ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰੀਏ. ਜੋ ਵਾਇਰਸ ਸਾਨੂੰ ਸਾਡੀ ਨਾ-ਸਮਝੀ ਕਰਕੇ ਮਿਲਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੂਸਰੇ ਨੂੰ ਜਾਣ ਬੁੱਝ ਕੇ ਅੱਗੇ ਵੰਡ ਦੇਈਏ. ਬੱਚਿਆਂ ਲਈ: ਮਾਂ-ਬਾਪ ਬੱਚਿਆਂ ਲਈ ਕੀ ਨਹੀਂ ਕਰਦੇ. ਉਸ ਦੇ ਭਵਿੱਖ ਦੇ ਸੁਪਨੇ ਦੇਖਦੇ ਹਨ. ਉਸ ਲਈ ਦਿਨ-ਰਾਤ ਮਿਹਨਤ ਕਰਕੇ ਪੈਸੇ ਜਮ੍ਹਾਂ ਕਰਦੇ ਹਨ ਪਰ ਜਦ ਦੇਖਿਆ ਜਾਂਦਾ ਹੈ ਕਿ ਉਸੇ ਮਾਂ-ਬਾਪ ਦੀ ਅਣਗਹਿਲੀ ਦੇ ਕਾਰਨ ਨਿੱਕੇ-ਨਿੱਕੇ ਫਰਿਸ਼ਤੇ ਇਸ ਦੀ ਮਾਰ ਝੱਲ ਰਹੇ ਹਨ? ਜੋ ਬੱਚੇ ਜਨਮ ਤੋਂ ਇਸ ਵਾਇਰਸ ਨਾਲ ਪੀੜਤ ਹਨ. ਉਸ ਦਾ ਭਵਿੱਖ ਕੀ ਹੋਵੇਗਾ? ਬੱਚੇ ਦਾ ਕਸੂਰ ਕੀ ਹੈ? ਬੱਚੇ ਆਪਣੀ ਨੰਨ੍ਹੀ ਜਾਨ ਨਾਲ ਆਪਣੇ ਮਾਂ-ਬਾਪ ਦੀ ਨਾ-ਸਮਝਦੀ ਦੇ ਕਾਰਨ ਸਜ਼ਾ ਕੱਟ ਰਿਹਾ ਹੈ. ਜੇਕਰ ਇਸ ਥਾਂ ਬੱਚੇ ਦੀ ਮਾਂ ਨੇ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਬੱਚਾ ਇਸ ਦੁਨੀਆਂ ਵਿੱਚ ਸਿਹਤਮੰਦ ਜਨਮ ਲੈਂਦਾ. ਮੇਰੇ ਹਿਸਾਬ ਨਾਲ ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਬੱਚਾ ਐਚ.ਆਈ.ਵੀ. ਵਾਇਰਸ ਨੂੰ ਲੈ ਕੇ ਪੈਦਾ ਹੋਵੇ. ਹਰ ਮਾਂ-ਬਾਪ ਦਾ ਫਰਜ਼ ਹੈ ਕਿ ਬੱਚਾ ਹੋਣ ਤੋਂ ਪਹਿਲਾਂ ਆਪਣੇ ਐਚ.ਆਈ.ਵੀ. ਟੈਸਟ ਕਰਵਾਉਣ. ਪਹਿਲਾਂ ਬੱਚੇ ਦੇ ਜਨਮ ਤੋਂ ਬਾਅਦ ਓਹੜ-ਪੋਹੜ ਕਰਨ ਦੇ ਫਰਜ਼ ਨਿਭਾਉਣ ਨਾਲੋਂ ਪਹਿਲਾਂ ਹੀ ਸਾਵਧਾਨੀ ਦੇ ਫਰਜ਼ ਨਿਭਾਏ ਜਾਣ. ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਐਚ.ਆਈ.ਵੀ. ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ. ਸਿਰਫ ਐਚ.ਆਈ.ਵੀ. ਏਡਜ਼ ਤਕ ਗੱਲ ਨਾ ਪਹੁੰਚੇ ਇਸ ਲਈ ਸਾਨੂੰ ਆਪਣਾ ਐਚ.ਆਈ.ਵੀ. ਟੈਸਟ ਕਰਵਾਉਣਾ ਚਾਹੀਦਾ ਹੈ. ਸਰਕਾਰ ਨੂੰ ਚਾਹੀਦਾ ਹੈ ਕਿ ਵਿਆਹ ਤੋਂ ਪਹਿਲਾਂ ਐਚ.ਆਈ.ਵੀ. ਟੈਸਟ ਜ਼ਰੂਰੀ ਕਰ ਦਿੱਤਾ ਜਾਵੇ ਤਾਂ ਕੁਝ ਹੱਦ ਤਕ ਉਨ੍ਹਾਂ ਲੋਕਾਂ ਨੂੰ ਇਨਸਾਫ ਮਿਲ ਸਕਦਾ ਹੈ ਜਿਨ੍ਹਾਂ ਨੂੰ ਅਚਾਨਕ ਇੱਕ ਦੀ ਕੀਤੀ ਗਲਤੀ ਦੀ ਸਜ਼ਾ ਦੂਸਰੇ ਨੂੰ ਮਿਲਦੀ ਹੈ.

Popular Post
Advertisement
Trending